ਕਸ਼ਮੀਰ ਬਾਰੇ ਲਿਖਣ ਤੋਂ ਗੁਰੇਜ਼ ਕਰਦਿਆਂ…

ਕਸ਼ਮੀਰ ਬਾਰੇ ਲਿਖਣ ਤੋਂ ਗੁਰੇਜ਼ ਕਰਦਿਆਂ…

ਐੱਸ ਪੀ ਸਿੰਘ, ਪੰਜਾਬੀ ਟ੍ਰਿਬਿਊਨ 
ਸਵੇਰੇ ਸਵੇਰੇ ਦਫ਼ਤਰ ਜਾ ਕੇ ਮੈਂ ਕੰਪਿਊਟਰ ਖੋਲ੍ਹ ਕੇ ਬਹਿ ਜਾਂਦਾ ਅਤੇ ਖ਼ਬਰਾਂ ਪੜ੍ਹਨ ਲੱਗਦਾ। ਹਰ ਨਵੀਂ ਖ਼ਬਰ ਪੜ੍ਹਨ ਤੋਂ ਡਰ ਲੱਗਦਾ। ਪੂਰੇ ਮੁਲਕ ਵਿੱਚ ਇੱਕ ਖ਼ਾਸ ਪਛਾਣ ਵਾਲੇ ਆਮ ਲੋਕ ਕਿਰਚਾਂ, ਕੁਹਾੜੇ, ਛਵ੍ਹੀਆਂ, ਦਾਤੀਆਂ ਲੈ ਦੂਜੀ ਪਛਾਣ ਵਾਲੇ ਆਪਣੇ ਗੁਆਂਢੀਆਂ ਨੂੰ ਕਾਕਰੋਚ ਕਹਿ ਕੇ ਕਤਲ ਕਰ ਰਹੇ ਸਨ। ਮੇਰਾ ਚਿੱਤ ਕਰਦਾ ਸੀ ਉੱਚੀ ਉੱਚੀ ਚੀਕਾਂ ਮਾਰ ਕੇ ਸਭਨਾਂ ਨੂੰ ਦੱਸਾਂ ਕਿ ਕੀ ਹੋ ਰਿਹਾ ਹੈ ਪਰ ਮੇਰੀ ਡਿਊਟੀ ਕੁਝ ਹੋਰ ਸੀ। ਬੰਗਲਾ ਸਾਹਿਬ ਗੁਰਦੁਆਰਾ ਮੇਰੇ ਦਫ਼ਤਰ ਤੋਂ ਦਸ ਮਿੰਟਾਂ ਦੀ ਵਾਟ ’ਤੇ ਸੀ। ਦੇਰ ਰਾਤ ਮੈਂ ਉਹਦੇ ਸਰੋਵਰ ਕੰਢੇ ਕੁਝ ਦੇਰ ਬੈਠ ਜਾਂਦਾ, ਫਿਰ ਉੱਠ ਘਰ ਨੂੰ ਚਲਾ ਜਾਂਦਾ। ਇੱਕ ਦਿਨ ਕਾਫ਼ੀ ਸਾਰੀਆਂ ਖ਼ਬਰਾਂ ਤੋਂ ਪੰਜਾਬੀ ਵਿੱਚ ਇੱਕ ਸਾਂਝਾ ਮਜ਼ਮੂਨ ਤਿਆਰ ਕੀਤਾ, ਅੰਦਰ ਮੱਥਾ ਟੇਕ ਕੇ ਤਹਿ ਕੀਤੇ ਕਾਗਜ਼ ਗੋਲਕ ਵਿੱਚ ਪਾ ਆਇਆ।

ਅਜੇ ਇੰਟਰਨੈੱਟ ਨਹੀਂ ਸੀ ਆਇਆ ਅਤੇ ਗਿਣਤੀ ਦੀਆਂ ਚੰਦ ਵੱਡੀਆਂ ਅਖ਼ਬਾਰਾਂ ਦੇ ਗਿਣਤੀ ਦੇ ਹੀ ਕੁਝ ਮੁਲਕਾਂ ’ਚ ਨਾਮਾਨਿਗਾਰ ਹੁੰਦੇ ਸਨ। ਬਾਕੀ ਸਾਰਾ ਦੇਸ਼ ਦੁਨੀਆਂ ਭਰ ਦੀਆਂ ਖ਼ਬਰਾਂ ਲਈ ਅੰਤਰਰਾਸ਼ਟਰੀ ਖ਼ਬਰ ਏਜੰਸੀਆਂ — ਏ.ਪੀ., ਏ.ਐੱਫ.ਪੀ., ਰਾਈਟਰਜ਼, ਯੂਪੀਆਈ ਆਦਿ — ’ਤੇ ਨਿਰਭਰ ਕਰਦਾ ਸੀ, ਪਰ ਇਹ ਅਦਾਰੇ ਸਿੱਧੇ ਤੌਰ ਉੱਤੇ ਭਾਰਤੀ ਮੀਡੀਆ ਨੂੰ ਖ਼ਬਰਾਂ ਉਪਲੱਬਧ ਨਹੀਂ ਸਨ ਕਰਵਾ ਸਕਦੇ। ਏ.ਪੀ. ਦੀਆਂ ਖ਼ਬਰਾਂ ਯੂ.ਐੱਨ.ਆਈ. ਖ਼ਬਰ ਏਜੰਸੀ ਦੀ ਮਾਰਫ਼ਤ ਆਉਂਦੀਆਂ ਸਨ ਅਤੇ ਏ.ਐੱਫ.ਪੀ. ਅਤੇ ਰਾਇਟਰਜ਼ ਦੀਆਂ ਸਾਰੀਆਂ ਖ਼ਬਰਾਂ ਪੀ.ਟੀ.ਆਈ. ਖ਼ਬਰ ਏਜੰਸੀ ਰਾਹੀਂ ਹੀ ਅਖ਼ਬਾਰਾਂ ਅਤੇ ਫਿਰ ਪਾਠਕਾਂ ਨੂੰ ਮੁਹੱਈਆ ਹੁੰਦੀਆਂ ਸਨ।

ਵਿਦੇਸ਼ੀ ਖ਼ਬਰ ਏਜੰਸੀ ਦੀਆਂ ਹਜ਼ਾਰਾਂ ਖ਼ਬਰਾਂ ਹਰ ਰੋਜ਼ ਭਾਰਤੀ ਖ਼ਬਰ ਏਜੰਸੀ ਦੇ ਕੇਂਦਰੀ ਦਫ਼ਤਰ ਵਿੱਚ ਇੱਕ ਖ਼ਾਸ ਕੰਪਿਊਟਰ ਵਿੱਚ ਲਗਾਤਾਰ ਮਿਲਦੀਆਂ ਰਹਿੰਦੀਆਂ ਜਿੱਥੇ ਉਨ੍ਹਾਂ ਵਿੱਚੋਂ ਭਾਰਤੀ ਪਾਠਕਾਂ ਦੀ ਦਿਲਚਸਪੀ, ਖ਼ਬਰਾਂ ਦੀ ਅਹਿਮੀਅਤ ਅਤੇ ਏਜੰਸੀ ਦੇ ਸੰਪਾਦਕੀ ਨੀਤੀ-ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਕੁਝ ਖ਼ਬਰਾਂ ਦੀ ਚੋਣ ਕੀਤੀ ਜਾਂਦੀ ਅਤੇ ਉਹ ਅੱਗੋਂ ਦੇਸ਼ ਦੀਆਂ ਅਖ਼ਬਾਰਾਂ, ਰੇਡੀਓ ਅਤੇ ਟੀਵੀ ਸਟੂਡੀਓਜ਼ ਨੂੰ ਭੇਜ ਦਿੱਤੀਆਂ ਜਾਂਦੀਆਂ। ਅੰਤਰਰਾਸ਼ਟਰੀ ਖ਼ਬਰ ਏਜੰਸੀਆਂ ਵੱਲੋਂ ਨਸ਼ਰ ਕੀਤੀਆਂ ਖ਼ਬਰਾਂ ਦਾ ਬੜਾ ਛੋਟਾ ਜਿਹਾ ਹਿੱਸਾ ਹੀ ਭਾਰਤੀ ਮੀਡੀਆ ਨੂੰ ਉਪਲੱਬਧ ਹੁੰਦਾ ਪਰ ਓਨੀਆਂ ਕੁ ਖ਼ਬਰਾਂ ਵੀ ਬਹੁਤੇ ਵਿਸਥਾਰ ਨਾਲ ਨਾ ਛਪਦੀਆਂ। ਅੰਤਰਰਾਸ਼ਟਰੀ ਖ਼ਬਰਾਂ ਪ੍ਰਤੀ ਉਪਰਾਮਤਾ ਵਾਲਾ ਇਹ ਵਰਤਾਰਾ ਤਾਂ ਅਜੇ ਵੀ ਜਾਰੀ ਹੈ।

ਮੇਰੀ ਡਿਊਟੀ ਖ਼ਬਰ ਏਜੰਸੀ ਵਿੱਚ ਅੰਤਰਰਾਸ਼ਟਰੀ ਖ਼ਬਰਾਂ ਦੇ ਉਸ ਨਿਰੰਤਰ ਧਾਰਾ-ਪ੍ਰਵਾਹ ਵਿੱਚੋਂ ਚੋਣਵੀਆਂ ਖ਼ਬਰਾਂ ਦੀ ਨਿਸ਼ਾਨਦੇਹੀ ਕਰਨ ਅਤੇ ਉਨ੍ਹਾਂ ਦੀ ਕਾਂਟ-ਛਾਂਟ ਕਰਕੇ ਉਨ੍ਹਾਂ ਨੂੰ ਅਖ਼ਬਾਰਾਂ ਨੂੰ ਭੇਜਣਾ ਯਕੀਨੀ ਬਣਾਉਣ ਦੀ ਸੀ। ਇਹਨੂੰ ਰਾਸ਼ਟਰੀ ਖ਼ਬਰ ਏਜੰਸੀ ਦੇ ਅੰਤਰਰਾਸ਼ਟਰੀ ਡੈਸਕ ’ਤੇ ਕੰਮ ਕਰਨਾ ਕਿਹਾ ਜਾਂਦਾ ਸੀ।

ਅਖ਼ਬਾਰਾਂ ਵਿੱਚ ਵਿਦੇਸ਼ ਦੀਆਂ ਖ਼ਬਰਾਂ ਦੇ ਨਾਮ ’ਤੇ ਜ਼ਿਆਦਾ ਫੋਕਸ ਪਾਕਿਸਤਾਨ, ਅਮਰੀਕਾ, ਨੇੜਲੇ ਗਵਾਂਢੀ ਮੁਲਕਾਂ ਜਾਂ ਫਿਰ ਯੂਰਪ ’ਤੇ ਰਹਿੰਦਾ। ਹਾਂ, ਜੇ ਨੈਲਸਨ ਮੰਡੇਲਾ ਦਾ ਜ਼ਿਕਰ ਹੁੰਦਾ ਤਾਂ ਦੱਖਣੀ ਅਫਰੀਕਾ ਦੀ ਖ਼ਬਰ ਵੀ ਛਪ ਜਾਂਦੀ ਸੀ। 1993 ਤੱਕ Rwanda ਤਾਂ ਨਾ ਤਿੰਨਾਂ ’ਚ ਸੀ, ਨਾ ਤੇਰ੍ਹਾਂ ’ਚ। ਇਸ ਲਈ ਭਾਣਾ ਵਾਪਰਨ ਤੋਂ ਪਹਿਲਾਂ ਵਾਲੇ ਵਰਤਾਰੇ ਬਾਰੇ ਬਹੁਤਾ ਕੁਝ ਨਹੀਂ ਸੀ ਛਪ ਰਿਹਾ। 

ਦਿਨ ਭਰ ਮੈਂ ਸੈਂਕੜੇ ਖ਼ਬਰਾਂ ਪੜ੍ਹਦਾ। ਦੋ ਜਾਂ ਤਿੰਨ ਵਿਸਥਾਰਤ ਖ਼ਬਰਾਂ ਖ਼ਬਰ ਏਜੰਸੀ ਵੱਲੋਂ ਭੇਜੀਆਂ ਜਾਂਦੀਆਂ ਪਰ ਸਵੇਰੇ ਅਖ਼ਬਾਰ ਵਿੱਚ ਜਾਂ ਤਾਂ ਕੁਝ ਕੁ ਸਤਰਾਂ ਹੀ ਛਪਦੀਆਂ ਜਾਂ ਖ਼ਬਰ ਬਿਲਕੁਲ ਨਦਾਰਦ ਹੁੰਦੀ। 

ਫਿਰ 1994 ਦਾ ਅਪਰੈਲ ਮਹੀਨਾ ਚੜ੍ਹਿਆ। ਹਰ ਰੋਜ਼ ਦਰਜਨਾਂ ਖ਼ਬਰਾਂ ਉਨ੍ਹਾਂ ਕਹਾਣੀਆਂ ਵਰਗੀਆਂ ਆ ਰਹੀਆਂ ਸਨ ਜਿਹੜੀਆਂ ਮੈਂ ਬਚਪਨ ਵਿੱਚ ਨਾ ਜਾਣੇ ਕਿੰਨੀ ਵਾਰੀ ਆਪਣੇ ਮਾਂ ਪਿਓ ਤੋਂ ਸੁਣ ਰੱਖੀਆਂ ਸਨ। ਕਿਵੇਂ ਪਰਿਵਾਰ ਵਾਹੋਦਾਹੀ ਗੱਠੜੀਆਂ ਬੰਨ੍ਹ ਕੇ ਭੱਜ ਤੁਰੇ ਸਨ, ਕਿਵੇਂ ਛਵ੍ਹੀਆਂ ਨਾਲ ਲੈਸ ਭੀੜਾਂ ਇੱਕ ਦੂਜੇ ਦੇ ਖ਼ੂਨ ਦੀਆਂ ਪਿਆਸੀਆਂ ਘੁੰਮ ਰਹੀਆਂ ਸਨ, ਕਿਵੇਂ ਕਨਸੋਆਂ ਮਿਲਦੀਆਂ ਕਿ ਫਲਾਣੇ ਪਿੰਡ ਫਲਾਣਿਆਂ ਨੇ ਏਨੇ ਮਾਰ ਦਿੱਤੇ ਨੇ, ਜ਼ਨਾਨੀਆਂ ਖੂਹ ਵਿੱਚ ਛਾਲਾਂ ਮਾਰ ਗਈਆਂ ਨੇ। ਹੁਜਰਾ ਸ਼ਾਹ ਮੁਕੀਮ ਤੋਂ ਮੇਰਾ ਸੱਤਾਂ ਸਾਲਾਂ ਦਾ ਬਾਪੂ ਵੀ ਇੰਝ ਹੀ ਇਸ ਦੇਸ਼ ਵਿੱਚ ਆਇਆ ਸੀ। ਉਹ ਆਪ ਅਜੇ ਬਾਪੂ ਨਹੀਂ ਸੀ, ਗੱਠੜੀ ਉਹਦੇ ਬਾਪੂ ਕੋਲ ਸੀ।  

6 ਅਪਰੈਲ 1994 ਨੂੰ ਜਦੋਂ ਰਵਾਂਡਾ ਦੇ ਰਾਸ਼ਟਰਪਤੀ ਦਾ ਜਹਾਜ਼ ਮਿਜ਼ਾਈਲ ਨਾਲ ਉਡਾ ਦਿੱਤਾ ਗਿਆ ਤਾਂ ਇਹ ਸਾਫ਼ ਸੀ ਕਿ ਅੱਗੋਂ ਕੀ ਹੋਵੇਗਾ। ਅਗਲੇ ਦਿਨ ਮੈਂ ਗੱਠੜੀ ਭਰ ਕੇ ਖ਼ਬਰਾਂ ਘਰ ਲੈ ਆਇਆ ਸਾਂ। ਫਿਰ ਹਰ ਰੋਜ਼ ਦਰਜਨਾਂ ਖ਼ਬਰਾਂ ਮੈਂ ਨਾਲ ਚੁੱਕ ਘਰ ਲਿਜਾਂਦਾ ਰਿਹਾ। ਪੜ੍ਹੀਆਂ ਨਹੀਂ ਸੀ ਜਾਂਦੀਆਂ ਅਤੇ ਨਾ ਪੜ੍ਹਨਾ ਜੁਰਮ ਜਿਹਾ ਜਾਪਦਾ ਸੀ। ਭਾਰਤੀ ਅਖ਼ਬਾਰਾਂ ਵਿੱਚ ਰਵਾਂਡਾ ਛਪਣ ਲੱਗ ਪਿਆ ਸੀ। ਫਿਰ ਕੁਝ ਹਫ਼ਤਿਆਂ ਬਾਅਦ ਇਹ ਖ਼ਬਰਾਂ ਵਿੱਚੋਂ ਬਾਹਰ ਹੋ ਗਿਆ। ਮੇਰੇ ਬਹੁਤੇ ਸਹਿਯੋਗੀਆਂ ਦੇ ਚੇਤੇ ਵਿੱਚ ਇਹ ਬਹੁਤਾ ਵੱਸਿਆ ਨਹੀਂ ਕਿਉਂ ਜੋ ਉਹ ਵਿਦੇਸ਼ ਡੈਸਕ ’ਤੇ ਕੰਮ ਨਹੀਂ ਕਰਦੇ ਸਨ।

ਮੈਂ ਇਹਦੇ ਬਾਰੇ ਕਦੀ ਕਿਆਸ-ਅਰਾਈ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਸਾਡੇ ਖਿੱਤੇ ਦੇ ਕਿੰਨੇ ਕੁ ਪੱਤਰਕਾਰ ਦੁਨੀਆ ਦੇ ਨਕਸ਼ੇ ਵਿੱਚੋਂ ਰਵਾਂਡਾ ਝੱਟ ਲੱਭ ਲੈਣਗੇ, ਭਾਵੇਂ ਮੈਨੂੰ ਇਹ ਯਕੀਨ ਹੈ ਕਿ ਉਹ ਨਿਊਯਾਰਕ, ਕੈਲੀਫੋਰਨੀਆ, ਵੈਨਕੂਵਰ ਜਾਂ ਟੋਰਾਂਟੋ ਵਰਗੇ ਸ਼ਹਿਰਾਂ ਦੀ ਨਿਸ਼ਾਨਦੇਹੀ ਆਸਾਨੀ ਨਾਲ ਕਰ ਲੈਣਗੇ। ਕਿਉਂ ਜੋ ਸਾਨੂੰ ਅਮਰੀਕਾ ਬਾਰੇ ਵਧੇਰੇ, ਅਫ਼ਰੀਕਾ ਬਾਰੇ ਘੱਟ ਖ਼ਬਰ ਪੜ੍ਹਨ ਨੂੰ ਮਿਲਦੀ ਹੈ, ਇਸ ਲਈ ਰਵਾਂਡਾ ਦੀ ਕਥਾ ਦੀ ਪ੍ਰਚੰਡਤਾ ਸਮਝਣ ਲਈ ਅਮਰੀਕਾ ਦਾ ਹੀ ਸਹਾਰਾ ਲੈ ਲੈਂਦੇ ਹਾਂ। ਅਮਰੀਕਾ ਵਿੱਚ ਹਰ ਕਿਸੇ ਨੂੰ ਇਹ ਬੜੀ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਨਿਊਯਾਰਕ ਦੇ ਟਵਿਨ ਟਾਵਰਜ਼ ਵਿੱਚ ਜਹਾਜ਼ ਆ ਕੇ ਵੱਜੇ ਸਨ ਤਾਂ ਉਹ ਕਿੱਥੇ ਸੀ, ਕੀ ਕਰ ਰਿਹਾ ਸੀ, ਕਿਸ ਨਾਲ ਗੱਲ ਕਰ ਰਿਹਾ ਸੀ, ਲਿਫਟ ਵਿੱਚ ਸੀ ਜਾਂ ਲਿਫਟ ਦਾ ਇੰਤਜ਼ਾਰ ਕਰ ਰਿਹਾ ਸੀ। 9/11 ਦੀ ਘਟਨਾ ਗੱਲ ਹੀ ਬੜੀ ਵੱਡੀ ਸੀ। ਦੁਨੀਆਂ ਹਿੱਲ ਗਈ ਸੀ। ਇੱਥੇ ਭਾਰਤ ਵਿੱਚ ਵੀ ਖ਼ਬਰਾਂ ਨਾਲ ਮੱਸ ਰੱਖਣ ਵਾਲਿਆਂ ਨੂੰ ਇਹ ਚੰਗੀ ਤਰ੍ਹਾਂ ਯਾਦ ਹੋਵੇਗਾ ਕਿ ਉਨ੍ਹਾਂ 9/11 ਬਾਰੇ ਖ਼ਬਰ ਕਿੱਥੇ ਸੁਣੀ ਸੀ, ਫਿਰ ਕਿਵੇਂ ਭੱਜ ਕੇ ਨੇੜੇ ਦੇ ਟੀਵੀ ਤੱਕ ਪਹੁੰਚੇ ਸਨ।

ਰਵਾਂਡਾ ਵਾਲੀ ਸ਼ਾਇਦ ਬਹੁਤੀ ਚੇਤੇ ਨਾ ਹੋਵੇ ਪਰ 9/11 ਵਾਲੀ ਨਾਲ ਮਾਪ ਕੇ ਵੇਖੋ। ਦਿੱਲੀ ਤੋਂ ਵੀ ਘੱਟ ਜਨਸੰਖਿਆ ਵਾਲੇ ਇਸ ਮੁਲਕ ਵਿੱਚ 9/11 ਵਾਲੀ ਘਟਨਾ ਵਿੱਚ ਮਰਨ ਵਾਲਿਆਂ ਨਾਲੋਂ ਤਿੰਨ ਗੁਣਾ ਜ਼ਿਆਦਾ ਲੋਕ ਇੱਕ ਦਿਨ ਵਿੱਚ ਕਤਲ ਹੋਏ, ਫਿਰ ਦੂਜੇ ਦਿਨ ਕਤਲ ਹੋਏ, ਫਿਰ ਤੀਜੇ ਦਿਨ, ਫਿਰ… 

7 ਅਪਰੈਲ 1994 ਤੋਂ ਸ਼ੁਰੂ ਹੋ ਕੇ 100 ਦਿਨਾਂ ਤੱਕ ਕਤਲੋਗਾਰਤ ਦਾ ਸਿਲਸਿਲਾ ਇਸੇ ਰਫ਼ਤਾਰ ਨਾਲ ਚੱਲਿਆ। 100 ਦਿਨਾਂ ਵਿੱਚ ਦਸ ਲੱਖ ਟੁਟਸੀ ਲੋਕਾਂ ਨੂੰ ਉਨ੍ਹਾਂ ਦੇ ਹੁਤੂ ਹਮਸਾਇਆਂ ਨੇ ਆਪਣੇ ਹੱਥੀਂ ਕਤਲ ਕਰ ਦਿੱਤਾ।

ਰਵਾਂਡਾ ਬੜੀ ਦੂਰ ਹੈ ਅਤੇ ਉੱਥੇ ਕੋਈ ਪੰਜਾਬੀ ਕਿਸੇ ਸ਼ਹਿਰ ਦਾ ਮੇਅਰ ਵੀ ਨਹੀਂ ਲੱਗਿਆ ਅਤੇ ਨਾ ਹੀ ਨਗਰ ਕੀਰਤਨ ਨਿਕਲਦਾ ਹੈ, ਨਾ ਕੋਈ ਬਹੁਤੇ ਪਰਵਾਸੀ ਭਾਰਤੀ ਸਾਹਿਤ ਸੰਮੇਲਨ ਹੁੰਦੇ ਹਨ। ਇਸ ਲਈ ਦਸ ਲੱਖ ਲਾਸ਼ਾਂ ਅੰਕੜਾ ਜਿਹਾ ਜਾਪ ਸਕਦੀਆਂ ਹਨ। ਮੇਰੇ ਨਾਲ ਵੀ ਸ਼ਾਇਦ ਇੰਝ ਹੀ ਹੁੰਦਾ ਪਰ ਮੁਸ਼ਕਿਲ ਇਹ ਸੀ ਕਿ ਉਸ ਕੰਪਿਊਟਰ ਅੱਗੇ ਬੈਠਾ ਮੈਂ ਹਰ ਰੋਜ਼ ਅਜਿਹੀਆਂ ਦਰਜਨਾਂ ਖ਼ਬਰਾਂ ਪੜ੍ਹ ਰਿਹਾ ਸਾਂ ਜਿਨ੍ਹਾਂ ਨੂੰ ਦੁਬਾਰਾ ਪੜ੍ਹਨ ਲੱਗਿਆਂ ਚੌਥਾਈ ਸਦੀ ਬਾਅਦ ਵੀ ਮੇਰਾ ਤ੍ਰਾਹ ਨਿਕਲ ਜਾਂਦਾ ਏ।

ਬਹੁਤ ਸਾਰੀਆਂ ਖ਼ਬਰਾਂ ਵਿੱਚ ਜ਼ਿਕਰ ਆਉਂਦਾ ਕਿ ਰਵਾਂਡਾ ਦੇ ਆਰ.ਟੀ.ਐੱਲ.ਐੱਮ ਰੇਡੀਓ ਸਟੇਸ਼ਨ ਤੋਂ ਐਲਾਨ ਕੀਤਾ ਜਾ ਰਿਹਾ ਹੈ ਕਿ ‘‘ਉਪਰੋਂ’’ ਹੁਕਮ ਆਇਆ ਹੈ ਸਾਰੇ ਸੱਪ, ਸੱਪ ਦੇ ਬੱਚੇ ਸਪੋਲੀਏ ਅਤੇ ਕਾਕਰੋਚ ਮਾਰ ਦਿੱਤੇ ਜਾਣ। ‘‘ਝਾੜੀਆਂ ਵਿੱਚ ਵੇਖੋ, ਦਲਦਲਾਂ ਵਾਲੇ ਪਾਸੇ ਧਿਆਨ ਦਿਓ। ਜਿੱਥੇ ਕਿਤੇ ਵੀ ਟੁਟਸੀ ਦਿਸੇ, ਮਾਰ ਦਿਉ। ਰਹਿਮ ਨਾ ਕਰਨਾ।’’

ਹੁਤੂ ਅਤੇ ਟੁਟਸੀ ਸਭ ਬੜੇ ਧਿਆਨ ਨਾਲ ਰੇਡੀਓ ਸੁਣਦੇ। ਰੇਡੀਓ ’ਤੇ ‘ਗੱਦਾਰਾਂ’ ਦੀਆਂ ਸੂਚੀਆਂ ਪੜ੍ਹੀਆਂ ਜਾਂਦੀਆਂ। ਆਪਣਾ ਨਾਮ ਸੁਣਦੇ ਹੀ ‘ਗ਼ੱਦਾਰ’ ਬਾਹਰ ਗਲੀ ਵਿੱਚ ਭੱਜ ਨਿਕਲਦਾ, ਪਰ ਗਵਾਂਢੀ ਹੁਤੂ ਘਰਾਂ ਵਿੱਚ ਵੀ ਤਾਂ ਰੇਡੀਓ ਸੀ। ਛਵ੍ਹੀਆਂ ਨਾਲ ਲੈਸ ਭੀੜ ਉਹਦੇ ਪਿੱਛੇ ਭੱਜਦੀ। ਇੱਕ ਹੋਰ ਛੋਟੀ ਭੀੜ ਸਾਹਮਣੇ ਉਸ ‘ਗੱਦਾਰ’ ਦੇ ਘਰ ਵੱਲ ਵਗੀ ਆਉਂਦੀ। ਗਲੀ ਗਲੀ ਸੱਪ ਤੇ ਕਾਕਰੋਚ ਮਾਰੇ ਜਾ ਰਹੇ ਸਨ।

ਰਵਾਂਡਾ ’ਤੇ ਫਿਰੰਗੀਆਂ ਦਾ ਰਾਜ ਰਿਹਾ ਸੀ। 1895 ਵਿੱਚ ਇਹ ਦੇਸ਼ ਜਰਮਨ ਈਸਟ ਅਫ਼ਰੀਕਾ ਬਣਿਆ ਸੀ, ਫਿਰ 1916 ਵਿੱਚ ਬੈਲਜੀਅਮ ਥੱਲੇ ਆ ਗਿਆ। 1933 ਵਿੱਚ ਬੈਲਜੀਅਮ ਨੇ ਰਵਾਂਡਾ ਵਿਚਲੇ ਹਰ ਵਿਅਕਤੀ ਦਾ ਉਨ੍ਹਾਂ ਵੇਲਿਆਂ ਦਾ ਆਧਾਰ ਕਾਰਡ ਬਣਾਇਆ। ਇਹੀ ਦੇਸ਼ ਵਾਸੀਆਂ ਦੀ ਸ਼ਨਾਖਤ ਬਣੀ। ਹਰ ਕਾਰਡ ਉੱਤੇ ਸਪੱਸ਼ਟ ਲਿਖਿਆ ਸੀ ਕਿ ਇਹ ਵਿਅਕਤੀ ਹੁਤੂ ਹੈ ਜਾਂ ਟੁਟਸੀ।

1994 ਦੇ ਚੇਤ, ਵੈਸਾਖ, ਜੇਠ, ਹਾੜ੍ਹ ਦੇ ਮਹੀਨਿਆਂ ਵਿੱਚ ਇਹ ਬਹੁ-ਮੰਤਵੀ ਸ਼ਨਾਖਤੀ ਕਾਰਡ ਬੜੇ ਕੰਮ ਆਏ। ਜਗ੍ਹਾ-ਜਗ੍ਹਾ ਨਾਕੇ ਲਾ ਕੇ ਕਾਰਡ ਦੀ ਜਾਂਚ ਕਰਨ ਤੋਂ ਬਾਅਦ ਟੁਟਸੀ ਥਾਏਂ ਕਤਲ ਕੀਤੇ ਗਏ। ਗਲਦੀਆਂ ਲਾਸ਼ਾਂ ਦੇ ਢੇਰਾਂ ਦੀਆਂ ਖ਼ਬਰਾਂ ਮਹੀਨਿਆਂ ਤੱਕ ਆਉਂਦੀਆਂ ਰਹੀਆਂ। ਜੇ ਕਿਸੇ ਹੁਤੂ ਨੇ ਕੋਈ ਹਮਦਰਦੀ ਵਿਖਾਈ ਤਾਂ ਉਹ ਵੀ ਕਤਲ ਕਰ ਦਿੱਤਾ ਗਿਆ। ਇੱਕ ਵੱਡਾ ਹਥਿਆਰ ਬਲਾਤਕਾਰ ਵੀ ਸੀ। ਹੁਤੂ ਇਹ ਖੁੱਲ੍ਹ ਕੇ ਬਿਆਨ ਕਰਦੇ ਸਨ ਕਿ ਉਹ ਟੁਟਸੀ ਔਰਤਾਂ ਨਾਲ ਕੀ ਕਰਨਾ ਚਾਹੁੰਦੇ ਸਨ। ਮੈਨੂੰ ਯਕੀਨ ਹੈ ਤੁਸੀਂ ਬਲਾਤਕਾਰਾਂ ਦਾ ਅੰਕੜਾ ਨਹੀਂ ਜਾਨਣਾ ਚਾਹੁੰਦੇ।

ਇਤਿਹਾਸਕਾਰ Gérard Prunier ਲਿਖਦਾ ਹੈ ਕਿ ਆਮ ਲੋਕਾਂ ਦੀ ਇਸ ਕਤਲੇਆਮ ਵਿੱਚ ਸ਼ਮੂਲੀਅਤ ਦਾ ਕਾਰਨ "ਡੈਮੋਕਰੇਟਿਕ ਬਹੁਗਿਣਤੀ" ਦੀ ਵਿਚਾਰਧਾਰਾ ਸੀ। ਹੁਤੂ ਲੋਕਾਂ ਨੂੰ ਜਚਾ ਦਿੱਤਾ ਗਿਆ ਸੀ ਕਿ ਘੱਟਗਿਣਤੀ ਟੁਟਸੀ ਖ਼ਤਰਨਾਕ ਦੁਸ਼ਮਣ ਹਨ। ਕਤਲੇਆਮ ਦੀ ਤਿਆਰੀ ਵੀ ਘੱਟੋ ਘੱਟ ਇਕ ਸਾਲ ਪਹਿਲਾਂ ਤੋਂ ਕੀਤੀ ਜਾ ਰਹੀ ਸੀ। ਕਤਲੋਗਾਰਤ ਤੋਂ ਦਸ ਸਾਲ ਬਾਅਦ ਆਈ ਕਿਤਾਬ Conspiracy to Murder ਵਿੱਚ Linda Melvern ਨੇ ਲਿਖਿਆ ਕਿ ਦੁਨੀਆ ਦੇ ਸਭ ਤੋਂ ਗਰੀਬ ਮੁਲਕਾਂ ਵਿੱਚੋਂ ਇੱਕ, ਰਵਾਂਡਾ, ਕਤਲਾਂ ਤੋਂ ਪਹਿਲਾਂ ਪਹਿਲਾਂ ਅਫ਼ਰੀਕਾ ਦਾ ਸਭ ਤੋਂ ਵਧੇਰੇ ਹਥਿਆਰ ਆਯਾਤ ਕਰਨ ਵਾਲਾ ਤੀਜਾ ਵੱਡਾ ਮੁਲਕ ਬਣ ਗਿਆ ਸੀ।

ਇਤਿਹਾਸਕਾਰਾਂ ਵਿੱਚ ਹੁਣ ਇਹ ਆਮ ਸਹਿਮਤੀ ਹੈ ਕਿ ਕਤਲੇਆਮ ਦੇ ਪਿੱਛੇ ਸੋਚ ‘ਸਦੀਵੀ ਹੱਲ’ ਦੀ ਸੀ ਅਤੇ ਇਸ ਮੰਤਵ ਬਾਰੇ ਕੋਈ ਸ਼ੱਕ ਨਹੀਂ ਸੀ ਕਿ ਇੱਕ ਵੀ ਟੁਟਸੀ ਜਿਊਂਦਾ ਨਹੀਂ ਬਚਣਾ ਚਾਹੀਦਾ। ਇਹ ਵੀ ਹੁਣ ਸਪੱਸ਼ਟ ਹੈ ਕਿ ਅੰਤਰਰਾਸ਼ਟਰੀ ਭਾਈਚਾਰੇ ਵਿੱਚ ਵੱਡੀਆਂ ਤਾਕਤਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਕੀ ਹੋ ਸਕਦਾ ਹੈ ਅਤੇ ਕੀ ਹੋ ਰਿਹਾ ਸੀ। ਇਹ ਵੀ ਕਿ ਉਹ ਇਹਨੂੰ ਰੋਕ ਸਕਦੀਆਂ ਸਨ ਪਰ ਤਮਾਸ਼ਬੀਨ ਬਣੀਆਂ ਰਹੀਆਂ। ਅਮਰੀਕਾ ਸੋਮਾਲੀਆ ਵਿੱਚ ਆਪਣੇ ਹੱਥ ਸੜਵਾ ਹਟਿਆ ਸੀ, ਸੋ ਕਿਨਾਰੇ ਬੈਠਾ ਰਿਹਾ। ਇਹ ਗੁਪਤ ਭੇਤ ਹੁਣ ਖੁੱਲ੍ਹ ਚੁੱਕੇ ਹਨ ਕਿ ਰਾਸ਼ਟਰਪਤੀ ਕਲਿੰਟਨ ਅਤੇ ਉਹਦੀ ਕੈਬਨਿਟ ਨੂੰ ਹੋਣ ਵਾਲੇ ਕਤਲੇਆਮ ਦੀ ਸਪੱਸ਼ਟ ਜਾਣਕਾਰੀ ਸੀ। ਬਾਅਦ ਵਿੱਚ ਕਲਿੰਟਨ ਨੇ ਆਪਣੀ ਨਾਕਾਮੀ ਮੰਨੀ ਕਿ ਉਹ ਲੱਖਾਂ ਕਤਲਾਂ ਨੂੰ ਰੋਕਣ ਤੋਂ ਥਿੜਕ ਗਏ ਸਨ। ਇਹ ਵੀ ਹੁਣ ਭੇਤ ਨਹੀਂ ਰਿਹਾ ਕਿ ਕਤਲਾਂ ਲਈ ਵਰਤੇ ਗਏ ਬਹੁਤ ਸਾਰੇ ਹਥਿਆਰ ਇਸਰਾਈਲ ਨੇ ਹੀ ਵੇਚੇ ਸਨ। 2016 ਵਿੱਚ ਇਸਰਾਈਲੀ ਸੁਪਰੀਮ ਕੋਰਟ ਨੇ ਫ਼ੈਸਲਾ ਦਿੱਤਾ ਹੈ ਕਿ ਰਵਾਂਡਾ ਨੂੰ ਹਥਿਆਰਾਂ ਦੀ ਵਿਕਰੀ ਬਾਰੇ ਦਸਤਾਵੇਜ਼ ਗੁਪਤ ਹੀ ਰਹਿਣਗੇ।

ਪਿਛਲੇ 25 ਸਾਲਾਂ ਵਿੱਚ ਮੈਂ ਬੜੀ ਵਾਰੀ 1994 ਵਿੱਚ ਦਫ਼ਤਰੋਂ ਲਿਆਂਦੀਆਂ ਖ਼ਬਰਾਂ ਪੜ੍ਹੀਆਂ ਨੇ। ਬਹੁਤੀ ਵਾਰੀ ਇਸ ਲਈ ਕਿ ਇਹ ਅਕਸਰ ਹੀ ਅਜੋਕੇ ਸਮਿਆਂ ਵਿੱਚ ਛਪ ਰਹੀਆਂ ਖ਼ਬਰਾਂ ਦਾ ਹੀ ਕੋਈ ਰੂਪ ਜਾਪਦੀਆਂ ਹਨ। ਰਵਾਂਡਾ ਦੀ ਨਸਲਕੁਸ਼ੀ ਦੀ 25ਵੀਂ ਵਰ੍ਹੇਗੰਢ ’ਤੇ Denise Uwimana ਦੀ ਹੱਡਬੀਤੀ, From Red Earth – A Rwandan Story of Healing and Forgiveness, ਪੜ੍ਹੀ। ਉਹਦਾ ਪਤੀ ਅਤੇ ਹੋਰ ਰਿਸ਼ਤੇਦਾਰ ਕਤਲ ਕਰ ਦਿੱਤੇ ਗਏ ਸਨ। ਜਦੋਂ ਖ਼ੂਨ-ਖਰਾਬਾ ਸ਼ੁਰੂ ਹੋਇਆ ਅਤੇ ਕਾਤਲ ਉਹਦੇ ਘਰ ਅੰਦਰ ਸਨ, ਉਹ ਮੰਜੇ ਥੱਲੇ ਲੁਕੀ ਹੋਈ ਸੀ ਜਿੱਥੇ ਫ਼ਰਸ਼ ’ਤੇ ਉਹਦੇ ਕਤਲ ਕੀਤੇ ਗਏ ਰਿਸ਼ਤੇਦਾਰਾਂ ਦਾ ਖ਼ੂਨ ਚਿੱਪ-ਚਿੱਪ ਕਰ ਰਿਹਾ ਸੀ, ਉਦੋਂ ਹੀ ਉਸ ਆਪਣੇ ਤੀਜੇ ਬੱਚੇ ਨੂੰ ਜਨਮ ਦਿੱਤਾ ਸੀ।

ਮੈਂ ਡੈਨੀਸ ਯੁਵੀਮਾਨਾ ਦੀਆਂ ਲਿਖੀਆਂ ਦਿਲ ਨੂੰ ਚੀਰ ਦੇਣ ਵਾਲੀਆਂ ਬਹੁਤੀਆਂ ਕਹਾਣੀਆਂ ਵਿੱਚ ਨਹੀਂ ਜਾਣਾ ਚਾਹੁੰਦਾ। ਤੁਸੀਂ ਚਾਹੋ ਤਾਂ ਪੜ੍ਹ ਲੈਣਾ, ਵਰਨਾ ਰਵਾਂਡਾ ਕੋਈ ਕੈਨੇਡਾ ਨਹੀਂ ਜਿੱਥੇ ਆਈਲੈਟਸ ਕਰਕੇ ਜਾਣ ਦੀ ਹੋੜ ਲੱਗੀ ਹੋਵੇ। ਮੈਂ ਤਾਂ ਕੇਵਲ ਭਰ ਜਵਾਨ ਇਮੈਨੁਅਲ ਬਾਰੇ ਸੋਚ ਰਿਹਾ ਹਾਂ। ਉਹਦੀ ਵਾਰ-ਵਾਰ ਹਵਾ ਵਿੱਚ ਲਹਿਰਾਉਂਦੀ ਦਾਤਰੀ ਨੇ 1994 ਵਿੱਚ ਬਹੁਤ ਸਾਰੇ ਛੋਟੇ-ਛੋਟੇ ਬੱਚਿਆਂ ਦੇ ਸਿਰ ਕਲਮ ਕੀਤੇ ਸਨ।

ਸਾਲਾਂ ਤੱਕ ਆਪਣੇ ਅੰਦਰਲੇ ਨਾਲ ਰਹਿਣ ਤੋਂ ਅਸਮਰੱਥ ਇਮੈਨੁਅਲ ਰਾਤਾਂ ਨੂੰ ਚੀਕ ਉੱਠਦਾ ਸੀ, ਬੱਚਿਆਂ ਦੇ ਚਿਹਰੇ ਉਹਦਾ ਪਿੱਛਾ ਨਹੀਂ ਛੱਡ ਰਹੇ ਸਨ। ਜਦੋਂ 2000 ਵਿੱਚ ਦੇਸ਼ ਵਿੱਚ ਕੀਤੇ ਦਾ ਇਕਬਾਲ ਕਰਨ ਲਈ ਲੋਕ ਅਦਾਲਤਾਂ ਲੱਗੀਆਂ ਤਾਂ ਇਮੈਨੁਅਲ ਨੇ ਪੇਸ਼ ਹੋ ਆਪਣੇ ਜੁਰਮ ਦਾ ਇਕਬਾਲ ਕੀਤਾ। ਜਿਸ ਔਰਤ ਦਾ ਪਤੀ ਉਸ ਨੇ ਉਹਦੀਆਂ ਅੱਖਾਂ ਸਾਹਮਣੇ ਕਤਲ ਕੀਤਾ ਸੀ, ਫਿਰ ਉਹਦੇ ਬੱਚੇ ਕਤਲ ਕਰ ਲਾਸ਼ਾਂ ਦਾ ਢੇਰ ਲਾਇਆ ਸੀ, ਉਸ ਨੂੰ 2003 ਵਿੱਚ ਉਸ ਮੁੜ ਜਾ ਲੱਭਿਆ। ਆਪਣਾ ਕੀਤਾ ਸਭ ਬਿਆਨਿਆ। ਅੱਜ ਉਹਦੇ ਪੁੱਤ ਵਾਂਗ ਵਿਚਰਦਾ ਹੈ। ਉਹ ਵੀ ਮੁਆਫ਼ ਕਰਨ ਤੋਂ ਅਗਾਂਹ ਗਈ, ਉਹਦੀ ਮਾਂ ਬਣੀ ਫਿਰਦੀ ਹੈ।

ਰਵਾਂਡਾ ਨੇ ਪਿਛਲੇ 25 ਸਾਲਾਂ ਵਿੱਚ ਇੱਕ ਲੰਬਾ ਸਫ਼ਰ ਤੈਅ ਕੀਤਾ ਹੈ। ਭਾਰਤੀ ਅਖ਼ਬਾਰੀ ਸੁਰਖੀਆਂ ਵਿੱਚ ਇਹ ਭਾਵੇਂ ਬਹੁਤਾ ਨਾ ਵਿਚਰਿਆ ਹੋਵੇ ਪਰ ਕਤਲੋਗਾਰਤ ਦੀ ਸਾਡੀ ਸਾਂਝ ਤਾਂ ਅੰਕੜਿਆਂ ਤੱਕ ਵੀ ਬਣਦੀ ਹੈ। ਅੱਗੇ ਤੋਂ ਮਾਮਲਾ ਕੰਟਰੋਲ ਵਿਚ ਰਹੇ, ਇਸ ਲਈ ਰਵਾਂਡਾ ਦੀ ਸਰਕਾਰ ਨੇ ਮੀਡੀਆ ਉੱਤੇ ਜ਼ਬਰਦਸਤ ਬੰਦਸ਼ਾਂ ਲਗਾ ਦਿੱਤੀਆਂ ਜੋ ਅੱਜ ਵੀ ਜਾਰੀ ਹਨ। ਸਰਕਾਰ ਵੱਲੋਂ ਪੱਤਰਕਾਰਾਂ ਨੂੰ ਧਮਕੀਆਂ ਆਮ ਗੱਲ ਹੈ। ਸਕੂਲੀ ਕਿਤਾਬਾਂ ਵਿੱਚ ਬੱਚਿਆਂ ਨੂੰ ਬੀਤੇ ਬਾਰੇ ਕੀ ਦੱਸਿਆ ਜਾਵੇ, ਇਸ ਉੱਤੇ ਪੂਰਾ ਸਰਕਾਰੀ ਕੰਟਰੋਲ ਹੈ। ਤੁਹਾਨੂੰ ਦੱਸਿਆ ਹੈ ਕਿ ਸਾਡੀ ਕਈ ਕਿਸਮਾਂ ਦੀ ਸਾਂਝ ਹੈ।

ਮੈਂ ਕਈ ਵਾਰੀ ਸੋਚਦਾ ਹਾਂ ਕਿ 1984 ਵਿੱਚ ਜਿਸ ਨੌਜਵਾਨ ਨੇ ਕਿਸੇ ਦੇ ਗਲ ਵਿਚ ਟਾਇਰ ਪਾ ਸਾੜਿਆ ਹੋਵੇਗਾ, ਉਸ ਕਦੀ ਅੱਧੀ ਰਾਤੀਂ ਉੱਠ ਚੀਕਾਂ ਨਹੀਂ ਮਾਰੀਆਂ ਹੋਣਗੀਆਂ? 1947 ਵਿੱਚ ਜਿਨ੍ਹਾਂ ਆਪਣੇ ਰੱਬ ਦਾ ਨਾਮ ਲੈ ਕਤਲ ਕੀਤੇ ਹੋਣਗੇ, ਉਹ ਅੱਧੀ ਰਾਤੀਂ ਤੜਪ ਕੇ ਕਦੀ ਨਹੀਂ ਉੱਠਦੇ ਹੋਣਗੇ? ਅੱਜ ਦੇਸ਼ ਵਿੱਚ ਬਥੇਰੇ ਨੇਤਾ ਕੁਝ ਰਵਾਂਡਾ ਜਿਹਾ ਕਰਨ ਨੂੰ ਫਿਰਦੇ ਜਾਪਦੇ ਹਨ। ਕਿਸੇ ਇੱਕ ਫ਼ਿਰਕੇ ਨੂੰ ਦੀਮਕ ਜਾਂ ਕੌਕਰੋਚ ਦੱਸਿਆ ਜਾ ਰਿਹਾ ਹੈ। ਦੇਸ਼ ਦੇ ਦੂਜੇ ਹਿੱਸੇ ਵਿੱਚ ਕਾਨੂੰਨ ਦੀ ਕਿਸੇ ਧਾਰਾ ਨੂੰ ਵਿੰਗ-ਤੜਿੰਗ ਕਰ ਕੇ ਟੇਢੇ ਮਸਲਿਆਂ ਦੇ ‘ਸਦੀਵੀ ਹੱਲ’ ਕੀਤੇ ਜਾ ਰਹੇ ਹਨ। ਉਸ ਵੇਲੇ ਦੇ ਅੰਤਰਰਾਸ਼ਟਰੀ ਭਾਈਚਾਰੇ ਵਾਂਗ ਅਸੀਂ ਵੀ ਸਭ ਜਾਣਦੇ ਹਾਂ ਪਰ ਕਿਨਾਰੇ ਬੈਠੇ ਹਾਂ। ਹੁਣ ਤਾਂ ਇੰਟਰਨੈੱਟ ਹੈ, ਰਵਾਂਡਾ ਬਾਰੇ ਵੀ ਨਹੀਂ ਕਹਿ ਸਕਦੇ ਕਿ ਬੜੀ ਦੂਰ ਹੈ, ਫਿਰ ਸਾਡਾ ਰਵਾਂਡਾ ਤਾਂ ਵੈਸੇ ਵੀ ਦੂਰ ਨਹੀਂ। ਖ਼ਬਰ ਕੋਈ ਆ ਨਹੀਂ ਰਹੀ। ਆਸਾਰ ਭੈੜੇ ਜਾਪਦੇ ਹਨ। ਨਕਸ਼ੇ ਵਿੱਚੋਂ ਨਾ ਲੱਭੇ ਭਾਵੇਂ, ਪਰ ਰਹਿ 1994 ਦੇ ਰਵਾਂਡਾ ਵਿੱਚ ਹੀ ਰਹੇ ਹਾਂ। ਦੋਸਤ ਸਲਾਹ ਦੇ ਰਹੇ ਹਨ ਕਿ ਮਾਹੌਲ ਠੀਕ ਨਹੀਂ, ਕਸ਼ਮੀਰ ਬਾਰੇ ਧਿਆਨ ਨਾਲ ਲਿਖਣਾ। ਮੈਂ ਡਰੇ ਨੇ ਫ਼ੈਸਲਾ ਕੀਤਾ ਹੈ, ਰਵਾਂਡਾ ਬਾਰੇ ਹੀ ਲਿਖਿਆ ਹੈ। ਸੋਚ ਰਿਹਾ ਹਾਂ ਕਸ਼ਮੀਰ ਬਾਰੇ ਲਿਖ ਕਿਤੇ ਮੱਥਾ ਟੇਕ ਗੋਲਕ ਵਿੱਚ ਹੀ ਮਜ਼ਮੂਨ ਪਾ ਆਵਾਂ।

(ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਮੁਲਕ ਦੀਆਂ ਨਵੀਆਂ ਸੱਚਾਈਆਂ ਦਹਾਕਿਆਂ ਪੁਰਾਣੀਆਂ ਖ਼ਬਰਾਂ ’ਚੋਂ ਪੜ੍ਹ ਰਿਹਾ ਹੈ।)

Iklan Atas Artikel

Iklan Tengah Artikel 1

Iklan Tengah Artikel 2

Iklan Bawah Artikel